ब्रेकिंग न्यूज़

ਮੋਤੀਬਿੰਦ ਮੁਕਤ ਪੰਜਾਬ ਅਭਿਆਨ ...... ਕਪੂਰਥਲਾ ਜਿਲੇ ਵਿਚ ਹੁਣ ਤੱਕ ਹੋਏ 170 ਮਰੀਜਾਂ ਦੇ ਮੁਫਤ ਆਪ੍ਰੇਸ਼ਨ – ਸਿਵਲ ਸਰਜਨ

- ਉਮਰ ਦੇ ਵੱਧਣ ਨਾਲ, ਡਾਈਬੀਟੀਜ ਅਤੇ ਹਾਈਪਰਟੈਂਸ਼ਨ ਕਾਰਨ ਮੋਤੀਆਬਿੰਦ ਦੀ ਸਮੱਸਿਆ ਹੋ ਸਕਦੀ ਹੈ -- ਡਾ.ਸੰਦੀਪ ਧਵਨ   

ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ     

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੱਦੇਨਜ਼ਰ ਸੂਬੇ ਭਰ ਵਿੱਚ 26 ਨਵੰਬਰ ਤੋਂ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਜਾਰੀ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਕਪੂਰਥਲਾ ਡਾ.ਗੁਰਿੰਦਰ ਬੀਰ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨੇ ਵੱਡੇ ਉਪਰਾਲੇ ਤਹਿਤ ਜਿਲਾ ਅਤੇ ਸਬ ਡਵੀਜਨਲ ਹਸਪਤਾਲਾਂ ਵਿਚ ਮੋਤੀਬਿੰਦ ਦੇ ਮੁਫਤ ਆਪ੍ਰੇਸ਼ਨ ਲਈ ਜਿੱਥੇ ਮੁਫਤ ਕੈਂਪ ਲਗਾਏ ਜਾ ਰਹੇ ਹਨ ਉੱਥੇ ਹੀ ਅੱਖਾਂ ਦੀ ਜਾਂਚ ਵੀ ਮੁਫਤ ਕੀਤੀ ਜਾ ਰਹੀ ਹੈ।

ਜਿਕਰਯੋਗ ਹੈ ਕਿ ਹੁਣ ਤੱਕ ਜਿਲੇ ਵਿਚ ਇਸ ਮੁਹਿੰਮ ਤਹਿਤ 170 ਮਰੀਜਾਂ ਦੇ ਮੋਤੀਆਬਿੰਦ ਦੇ ਮੁਫਤ ਆਪ੍ਰੇਸ਼ਨ ਹੋ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਮੁਹਿੰਮ 31 ਦਸੰਬਰ ਤੱਕ ਚੱਲੇਗੀ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਉਪਰਾਲੇ ਦਾ ਪੂਰਾ ਲਾਭ ਉਠਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਆਪ੍ਰੇਸ਼ਨ ਵਾਲੇ ਲੋਕਾਂ ਲਈ ਰਿਫਰੈਸ਼ਮੈਂਟ ਦੇ ਨਾਲ-ਨਾਲ ਆਉਣ-ਜਾਣ ਲਈ ਆਵਾਜਾਈ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ ਅਤੇ ਆਪ੍ਰੇਸ਼ਨ ਵਾਲੇ ਮਰੀਜਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾਣਗੀਆਂ। 

ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈੱਸ ਦੇ ਜਿਲਾ ਪ੍ਰੋਗਰਾਮ ਅਫਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਧਵਨ ਨੇ ਦੱਸਿਆ ਕਿ ਉਮਰ ਦੇ ਵੱਧਣ ਨਾਲ, ਡਾਈਬੀਟੀਜ ਅਤੇ ਹਾਈਪਰਟੈਂਸ਼ਨ ਕਾਰਨ ਮੋਤੀਆਬਿੰਦ ਦੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ ਦਿੱਖਣ ਵਿਚ ਦਿੱਕਤ ਅਤੇ ਮਰੀਜ ਨੂੰ ਧੁੰਧਲਾ ਦਿਖਾਈ ਦੇਣਾ ਇਸ ਦੇ ਲੱਛਣ ਹਨ। ਡਾ.ਸੰਦੀਪ ਧਵਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੱਛਣ ਨਜਰ ਆਉਣ ਤੇ ਤੁਰੰਤ ਸਿਵਲ ਹਸਪਤਾਲ ਦੇ ਅੱਖਾਂ ਦੇ ਮਾਹਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।  


No comments