ब्रेकिंग न्यूज़

ਵਿਸ਼ਵ ਮਾਨਸਿਕ ਸਿਹਤ ਦਿਵਸ ...... ਸਕਾਰਾਤਮਕ ਵਾਤਾਵਰਣ ਚੰਗੀ ਮਾਨਸਿਕ ਸਿਹਤ ਲਈ ਜਰੂਰੀ


ਖਬਰਨਾਮਾ ਇੰਡੀਆ ( ਗਗਨਦੀਪ ),  ਕਪੂਰਥਲਾ 

 ਚੰਗੀ ਮਾਨਸਿਕ ਸਿਹਤ ਦੇ ਬਗੈਰ ਸ਼ਰੀਰ ਸਿਹਤਮੰਦ ਨਹੀਂ ਹੋ ਸਕਦਾ। ਇਹ ਸ਼ਬਦ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਸੰਬੰਧ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਮਾਨਸਿਕ ਤੌਰ ਤੇ ਸਿਹਤਮੰਦ ਨਹੀਂ ਤਾਂ ਚਿੰਤਾ ਤੇ ਤਣਾਅ ਸਾਨੂੰ ਡਿਪ੍ਰੈਸ਼ਨ ਵੱਲ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੇ ਇਸ ਦੌਰ ਨੇ ਲੋਕਾਂ ਦੀ ਮਾਨਸਿਕ ਸਿਹਤ ਤੇ ਬਹੁਤ ਪ੍ਰਭਾਵ ਪਾਇਆ ਹੈ ਤੇ ਲੋਕਾਂ ਵਿਚ ਡਿਪ੍ਰੈਸ਼ਨ, ਤਣਾਅ, ਚਿੰਤਾ ਦੀ ਸਮੱਸਿਆ ਵਧੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਚੰਗੀ ਮਾਨਸਿਕ ਸਿਹਤ ਲਈ ਸਾਕਾਰਾਤਮਕ ਵਾਤਾਵਰਣ ਜਰੂਰੀ ਹੈ ਕਿਉਂਕਿ ਅਜਿਹਾ ਵਾਤਾਵਰਣ ਮਾਨਸਿਕ ਰੋਗੀ ਨੂੰ ਜਲਦੀ ਠੀਕ ਹੋਣ ਵਿਚ ਮਦਦ ਕਰਦਾ ਹੈ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ  ਨੇ ਇਹ ਵੀ ਚਿੰਤਾ ਜਤਾਈ ਕਿ ਮਾਨਸਿਕ ਰੋਗ ਨੂੰ ਲੈ ਕੇ ਅਜੇ ਵੀ ਅਗਿਆਨਤਾ ਤੇ ਅੰਧਵਿਸ਼ਵਾਸ ਲੋਕਾਂ ਤੇ ਭਾਰੂ ਹੈ ਜੋਕਿ ਗਲਤ ਹੈ। ਉਨ੍ਹਾਂ ਕਿਹਾ ਕਿ ਇਕ ਮਨੋਰੋਗ ਮਾਹਰ ਹੀ ਮਾਨਸਿਕ ਰੋਗੀ ਦਾ ਇਲਾਜ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ  ਵਰਤਮਾਨ ਜੀਵਨ ਸ਼ੈਲੀ ਵਿਚ ਮਨੁੱਖ ਤਣਾਅ, ਚਿੰਤਾ ਦਾ ਸ਼ਿਕਾਰ ਹੈ ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਕਿਹਾ ਕਿ ਮਾਨਸਿਕ ਰੋਗ ਬਾਕਿ ਸ਼ਰੀਰਕ ਰੋਗਾਂ ਦੀ ਤਰ੍ਹਾਂ ਹੀ ਇੱਕ ਰੋਗ ਹੈ ਤੇ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਾਨਸਿਕ ਰੋਗਾਂ ਦੇ ਮਾਹਰ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਕੋਵਿਡ ਦੇ ਮੱਦੇਨਜਰ ਮਰੀਜ ਈਸੰਜੀਵਨੀਓਪੀਡੀ ਜਾਂ 104 ਅਤੇ 18001804104 ਤੇ ਫੋਨ ਕਰ ਮਾਨਸਿਕ ਸਮੱਸਿਆ ਸੰਬੰਧੀ ਮਾਹਰ ਡਾਕਟਰ ਕੋਲੋਂ ਸਲਾਹ ਲੈ ਸਕਦੇ ਹਨ।

ਸਿਵਲ ਹਸਪਤਾਲ ਕਪੂਰਥਲਾ ਦੇ ਮਨੋਰੋਗ ਮਾਹਰ ਡਾ. ਸੰਦੀਪ ਭੋਲਾ ਨੇ ਕਿਹਾ ਕਿ ੧੦ ਅਕਤੂਬਰ ਨੂੰ ਵਿਸ਼ਵ ਮੈਂਟਲ ਹੈਲਥ ਦਿਵਸ ਮਣਾਉਣ ਦਾ ਉਦੇਸ਼ ਹੀ ਲੋਕਾਂ ਨੂੰ ਮਾਨਸਿਕ ਸਿਹਤ ਸੰਬੰਧੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸੁਭਾਅ ਵਿਚ ਤਬਦੀਲੀ, ਨੀਂਦ ਨਾ ਆਉਣਾ, ਕੰਮ ਕਾਰ ਜਾਂ ਕਾਰਗੁਜਾਰੀ ਵਿਚ ਫਰਕ ਆਉਣਾ ਮਾਨਸਿਕ ਰੋਗ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਮਾਨਸਿਕ ਰੋਗੀ ਖੁਦ ਨੂੰ ਸਮਾਜ ਤੋਂ ਕੱਟਿਆ ਤੇ ਅਣਸੁਣਿਆ ਮਹਿਸੂਸ ਕਰਦਾ ਹੈ। ਉਸ ਦੇ ਮਨ ਤੇ ਦਿਮਾਗ ਵਿਚ ਕਈ ਤਰ੍ਹਾਂ ਦੇ ਪ੍ਰਸ਼ਨ ਉਸ ਨੂੰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮਨੋਰੋਗੀ ਦੀ ਅਜਿਹੀ ਸਥਿਤੀ ਨੂੰ ਸਮਝਣ ਲਈ ਇਕ ਮਨੋਰੋਗ ਮਾਹਰ ਦੀ ਹੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਨੋਰੋਗੀ ਦੀ ਅਜਿਹੀ ਸਥਿਤੀ ਨੂੰ ਲੁਕੋਣਾ ਜਾਂ ਸਮੇਂ ਸਿਰ ਇਲਾਜ ਨਾ ਕਰਵਾਉਣਾ ਉਸ ਨੂੰ ਗੰਭੀਰ ਡਿਪ੍ਰੈਸ਼ਨ ਵੱਲ ਧਕੇਲਦਾ ਹੈ ਤੇ ਕਈ ਵਾਰ ਮਰੀਜ ਆਤਮਹੱਤਿਆ ਵਰਗੇ ਕਦਮ ਵੀ ਚੁੱਕ ਲੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਿਕ ਰੋਗੀ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਤੇ ਉਸ ਨਾਲ ਭਾਵਨਾਤਮਕ ਲਗਾਅ ਰੱਖਿਆ ਜਾਏ।

No comments