ब्रेकिंग न्यूज़

ਮੁੱਖ ਖੇਤੀਬਾੜੀ ਅਫਸਰ ਵੱਲੋਂ ਝੋਨੇ ਦੀ ਸਿੱੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ

- ਪਿਛਲੇ ਸਾਲ ਸਿਧੀ ਬਿਜਾਈ ਹੇਠ ਤਕਰੀਬਨ 1000 ਹੈਕਟੇਅਰ ਤੋਂ ਵੀ ਘੱਟ ਰਕਬਾ ਸੀ ਜੋ ਇਸ ਸਾਲ ਵੱਧ ਕੇ 27000 ਹੈਕਟੇਅਰ ਹੋ ਗਿਆ - ਨਾਜਰ ਸਿੰਘ

ਖ਼ਬਰਨਾਮਾ ਇੰਡੀਆ। ਕਪੂਰਥਲਾ 


ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਦੀਆ ਹਦਾਇਤਾਂ ਦੀ ਪਾਲਣਾ ਹਿੱਤ ਮੁੱਖ ਖੇਤੀਬਾੜੀ ਅਫਸਰ ਨਾਜਰ ਸਿੰਘ ਵੱਲੋਂ ਧਾਰੀਵਾਲ ਬੇਟ ਤੇ ਆਸ ਪਾਸ ਦੇ ਪਿੰਡਾਂ ਵਿੱਚ ਝੋਨੇ ਦੀ ਸਿੱੱਧੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ ਕੀਤਾ ਗਿਆ। ਉਹਨਾਂ ਕਿਸਾਨ ਹਰਵਿੰਦਰ ਸਿੰਘ ਦੇ ਖੇਤਾਂ ਦਾ ਨਿਰੀਖਣ ਕਰਦਿਆ ਕਿਹਾ ਕਿ ਜਿਲੇ ਵਿੱਚ ਪਿਛਲੇ ਸਾਲ ਸਿਧੀ ਬਿਜਾਈ ਹੇਠ ਤਕਰੀਬਨ 1000 ਹੈਕਟੇਅਰ ਤੋਂ ਵੀ ਘੱਟ ਰਕਬਾ ਸੀ ਜੋ ਇਸ ਸਾਲ ਵੱਧ ਕੇ 27000 ਹੈਕਟੇਅਰ ਹੋ ਗਿਆ ਹੈ।ਬਹੁਤ ਸਾਰੇ ਕਿਸਾਨਾਂ ਨੇ ਸਿਧੀ ਬਿਜਾਈ ਦੀ ਵਿਧੀ ਦੀਆਂ ਬਰੀਕੀਆਂ ਨੂੰ ਸਮਝ ਕੇ ਇਸ ਵਿਧੀ ਨੂੰ ਕਾਮਯਾਬ ਕੀਤਾ ਹੈ ।

ਉਹਨਾਂ ਕਿਹਾ ਕਿ ਕੁਝ ਖੇਤਾਂ ਵਿੱਚ ਬੂਟੇ ਮੱਧਰੇ ਹਨ ਤੇ ਬੂਟਿਆਂ ਨੇ ਜਾੜ ਵੀ ਘੱਟ ਮਾਰਿਆ ਹੈ, ਪੱਤੇ ਵੀ ਨੁਕਰੋ ਜੰਗਾਲੇ ਜਿਹੇ ਅਤੇ ਭੂਰੇ ਦਿੱੱਸਦੇ ਹਨ ਜੋ ਜਿੰਕ ਦੀ ਘਾਟ ਦੇ ਲੱਛਣ ਹਨ।ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21%) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33%) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ। ਜੇਕਰ ਬੀਜੀ ਫ਼ਸਲ ਵਿੱਚ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਖੇਤ ਵਿੱਚ ਛੱਟੇ ਨਾਲ ਪਾ ਦਿਉ।ਬਹੁਤ ਮਾੜੀਆਂ ਜ਼ਮੀਨਾਂ ਵਿੱਚ ਜ਼ਿੰਕ ਸਲਫੇਟ ਦੀ ਵਰਤੋਂ ਦੇ ਬਾਵਜੂਦ ਵੀ ਜ਼ਿੰਕ ਦੀ ਘਾਟ ਧੋੜੀਆਂ ਵਿੱਚ ਨਜ਼ਰ ਆਉਂਦੀ ਹੈ। ਅਜਿਹੀ ਹਾਲਤ ਵਿੱਚ 10 ਕਿਲੋ ਜ਼ਿੰਕ ਸਲਫੇਟ 21% ਜਾਂ 6.5 ਕਿਲੋ ਜ਼ਿੰਕ ਸਲਫੇਟ 33% ਨੂੰ ਏਨੀ ਹੀ ਸੁੱਕੀ ਮਿੱਟੀ ਵਿੱਚ ਰਲਾ ਕੇ ਘਾਟ ਵਾਲੇ ਥਾਵਾਂ ਵਿੱਚ ਖਿਲਾਰ ਦੇਣਾ ਚਾਹੀਦਾ ਹੈ। ਉਹਨਾਂ ਜਿੰਕ ਦੀ ਵਰਤੋਂ ਜਮੀਨ ਰਾਹੀ ਹੀ ਕਰਨ ਤੇ ਜੋਰ ਦਿੱਤਾ।


ਉਹਨਾਂ ਦੱੱਸਿਆਂ ਕਿ ਜੇਕਰ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈਣ ਤਾਂ ਇਹ ਲੋਹੇ ਦੀ ਘਾਟ ਦੀਆ ਨਿਸ਼ਾਨੀਆਂ ਹੋ ਸਕਦੀਆਂ ਹਨ ਜਿਸ ਦੀ ਪੂਰਤੀ ਲਈ ਇੱਕ ਕਿਲੋ ਫੈਰਸ ਸਲਫੇਟ (ਲੋਹੇ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕੋ , ਅਜਿਹੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਹੋ ਜਾਂਦੀ ਹੈ।ਉਹਨਾਂ ਕਿਹਾ ਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ।ਇਸ ਲਈ ਲੋਹੇ ਦੀ ਸਿਰਫ ਸਪਰੇ ਹੀ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਮੌਜੂਦਾ ਚਲ ਰਹੇ ਮੌਸਮ ਵਿੱਚ ਬੂਟੇ ਦਾ ਵਿਕਾਸ ਹੌਲੀ ਹੁੰਦਾ ਹੈ ਜਿਸ ਤੋਂ ਘਬਰਾਉਣ ਦੀ ਲੋੜ ਨਹੀ। ਇਸ ਲਈ ਬੇਲੌੜੀਆ ਖਾਦਾਂ ਦੀ ਵਰਤੋਂ ਨਾ ਕੀਤੀ ਜਾਵੇ। ਲੋੜ ਤੋਂ ਵੱਧ ਖਾਦਾਂ ਨਾਲ ਝਾੜ ਘੱੱਟਦਾ ਹੈ ਫਸਲ ਤੇ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਵੱੱਧਦਾ ਹੈ । ਇਸ ਮੌਕੇ ਖੇਤੀਬਾੜੀ ਵਿਭਾਗ ਦੇ ਨੁਮਾਇਦੇ ਮਨਜੀਤ ਸਿੰਘ, ਅਸ਼ਵਨੀ ਕੁਮਾਰ,ਗੁਰਦੀਪ ਸਿੰਘ, ਸੰਦੀਪ ਸਿੰਘੇ ਕਿਸਾਨ ਗੁਰਮੇਲ ਸਿੰਘ ,ਪਿਆਰਾ ਸਿੰਘ, ਗੋਪਾਲ ਸਿੰਘ , ਗੁਰਚਰਨ ਸਿੰਘ ਤੇ ਹੋਰ ਮੋਜੂਦ ਸਨ।


No comments