ब्रेकिंग न्यूज़

ਸਰਹੱਦਾਂ ਦੀਆਂ ਦੂਰੀਆਂ ਮਿਟਾਉਂਦਾ ਪ੍ਰੋਗਰਾਮ "ਸਾਂਝਾ ਵਿਹੜਾ ਪੰਜਾਬ ਦਾ"

- ਦੁਨੀਆਂ ਭਰ ਦੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲ਼ੇ ਇਨਸਾਨੀਅਤ ਦੇ ਪੈਰੋਕਾਰ ਬਣ ਇਸ ਵਿਹੜੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹਨ  

ਖ਼ਬਰਨਾਮਾ ਇੰਡੀਆ ਬਬਲੂ। ਫਗਵਾੜਾ  

ਸੋਸ਼ਲ ਮੀਡੀਆ ਉੱਤੇ ਅੱਜ ਕੱਲ ਪੰਜਾਬੀ ਸਾਹਿਤ ਤੇ ਅਦਬ ਨਾਲ਼ ਸੰਬੰਧਤ ਬਜ਼ਮ-ਏ-ਆਬਿਦ ਤਮੀਮੀ ਅੰਤਰ ਰਾਸ਼ਟਰੀ ਜਰਮਨੀ ਵੱਲੋਂ ਚਲਾਇਆ ਜਾ ਰਿਹਾ ਆਨਲਾਈਨ ਪ੍ਰੋਗਰਾਮ "ਸਾਂਝਾ ਵਿਹੜਾ ਪੰਜਾਬ ਦਾ" ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਲਾਈਵ ਪੰਜਾਬੀ ਪ੍ਰੋਗਰਾਮ ਪੂਰੀ ਦੁਨੀਆਂ ਵਿੱਚ ਦੇਖਿਆ ਜਾ ਰਿਹਾ ਹੈ। ਦੁਨੀਆਂ ਭਰ ਵਿੱਚ ਵੱਸਦੇ ਪੰਜਾਬੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸਾਹਿਤ, ਦਿਲੀਂ ਜਜ਼ਬਾਤਾਂ, ਵਿਚਾਰਾਂ ਦੀ ਸਾਂਝ ਪਾਉਂਦੇ ਹੋਏ, ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਤੇ ਪਹਿਰਾ ਦਿੰਦੇ, ਵਿਸ਼ਵ ਭਾਈਚਾਰੇ, ਅਮਨ-ਸ਼ਾਂਤੀ ਦਾ ਸੁਨੇਹਾ ਦਿੰਦੇ, ਮੁਹੱਬਤਾਂ ਵੰਡਦੇ ਹੋਏ ਪੰਜਾਬੀ ਸਾਹਿਤ ਦੀ ਬੇਮਿਸਾਲ ਸੇਵਾ ਵੀ ਕਰ ਰਹੇ ਹਨ। 

ਇਹ ਪ੍ਰੋਗਰਾਮ ਯੂਰਪ ਤੋਂ ਕਾਸ਼ਿਫ ਤਨਵੀਰ, ਭਾਰਤ ਤੋਂ ਮਨਪ੍ਰੀਤ ਕੌਰ ਸੰਧੂ ਅਤੇ ਅਮਰੀਕਾ ਤੋਂ ਸਾਹਿਰ ਰਮਨਦੀਪ ਵੱਲੋਂ ਰੋਜ਼ਾਨਾ ਸ਼ਾਮ 6:30 ਤੋਂ 8:30 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ। ਦੁਨੀਆਂ ਭਰ ਦੇ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲ਼ੇ ਸਰਹੱਦਾਂ ਦੇ ਫ਼ਾਸਲੇ ਮਿਟਾ ਕੇ ਆਪਸੀ ਵੈਰ-ਵਿਰੋਧ ਭੁਲਾ ਕੇ, ਇਨਸਾਨੀਅਤ ਦੇ ਪੈਰੋਕਾਰ ਬਣ ਪਰਿਵਾਰ ਦੇ ਜੀਆਂ ਵਾਂਗ ਇਸ ਵਿਹੜੇ ਵਿੱਚ ਆਪਣੀ ਹਾਜ਼ਰੀ ਲਗਵਾਉਂਦੇ ਹਨ ਅਤੇ ਆਪਣੀਆਂ ਰਚਨਾਵਾਂ ਗੀਤ, ਕਵਿਤਾਵਾਂ, ਗ਼ਜ਼ਲਾਂ, ਬੋਲੀਆਂ, ਦੋਹੜੇ, ਕਿੱਕਲੀਆਂ, ਲੋਕ ਗੀਤ ਪੰਜਾਬੀ ਦੇ ਰਲ਼ਵੇਂ-ਮਿਲ਼ਵੇਂ ਹਰ ਲਹਿਜ਼ੇ ਵਿੱਚ ਸੁਣਾ ਕੇ ਪੰਜਾਬੀ ਸਾਹਿਤ ਦੀ ਵੀ ਅਣਮੁੱਲੀ ਸੇਵਾ ਨਿਭਾਅ ਰਹੇ ਹਨ।  

ਸਾਹਿਤ ਦੇ ਖੇਤਰ ਵਿੱਚ ਸਥਾਪਤ ਨਾਮਵਰ ਸ਼ਾਇਰ, ਲੇਖਕ, ਇਸ ਪ੍ਰੋਗਰਾਮ ਵਿੱਚ ਨਵੇਂ ਕਵੀਆਂ, ਗ਼ਜ਼ਲਕਾਰਾਂ ਦੀ ਹੌਂਸਲਾ ਅਫ਼ਜ਼ਾਈ ਦੇ ਨਾਲ਼-ਨਾਲ਼ ਹਰ ਤਰ੍ਹਾਂ ਦੀ ਸੇਧ ਦਿੰਦੇ ਤੇ ਯੋਗ ਅਗਵਾਈ ਵੀ ਕਰਦੇ ਹਨ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲ਼ੇ ਸਾਰੀ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਪ੍ਰੋਗਰਾਮ ਨੂੰ ਬਣਦਾ ਮਾਣ-ਸਤਿਕਾਰ ਦੇਣ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਜੁਟੇ ਹੋਏ ਕਾਸ਼ਿਫ਼ ਤਨਵੀਰ ਅਤੇ ਮਨਪ੍ਰੀਤ ਕੌਰ ਸੰਧੂ ਦੀ ਹੌਂਸਲਾ ਅਫ਼ਜ਼ਾਈ ਕਰਨ ਅਤੇ ਮਾਂ-ਬੋਲੀ  ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਵਿੱਚ ਆਪਣਾ ਹਿੱਸਾ ਪਾਉਣ ਤਾਂ ਕਿ ਮਾਂ-ਬੋਲੀ ਪੰਜਾਬੀ ਆਪਣਾ ਉੱਚਾ-ਸੁੱਚਾ ਰੁਤਬਾ ਪੂਰੀ ਦੁਨੀਆ ਵਿੱਚ ਕਾਇਮ ਰੱਖ ਸਕੇ।   

No comments