ब्रेकिंग न्यूज़

- ਸੰਭਾਵੀ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਅਗਾੳ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ - ਦੀਪਤੀ ਉੱਪਲ ਡੀਸੀ

- ਅਧਿਕਾਰੀਆਂ ਨੂੰ ਸਾਰੇ ਇੰਤਜਾਮ ਬਰਸਾਤਾਂ ਤੋਂ ਪਹਿਲਾਂ ਮੁਕੰਮਲ ਕਰਨ ਦੀਆਂ ਹਦਾਇਤਾਂ
ਖ਼ਬਰਨਾਮਾ ਇੰਡੀਆ ਬਿਯੂਰੋ। ਕਪੂਰਥਲਾ

ਕਪੂਰਥਲਾ ਜ਼ਿਲੇ ਵਿਚ ਆਗਾਮੀ ਬਰਸਾਤਾਂ ਦੇ ਸੀਜ਼ਨ ਦੌਰਾਨ ਹੜਾਂ ਦੀ ਕਿਸੇ ਵੀ ਹੰਗਾਮੀ  ਸਥਿਤੀ ਨਾਲ ਨਜਿੱਠਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵੱਲੋਂ ਅਧਿਕਾਰੀਆਂ ਨੂੰ ਜ਼ਿਲੇ ਵਿਚ ਸਾਰੇ ਹੜ ਰੋਕੂ ਪ੍ਰਬੰਧ ਬਰਸਾਤਾਂ ਤੋਂ ਪਹਿਲਾਂ ਨਿਰਧਾਰਤ ਸਮੇਂ ਵਿਚ  ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਅੱਜ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਹੜ ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਦਰਿਆਵਾਂ ਦੇ ਨਾਲ ਲੱਗਦੀਆਂ ਸਬ-ਡਵੀਜ਼ਨਾਂ ਦੇ ਐਸ.ਡੀ.ਐਮਜ਼ ਆਪੋ ਆਪਣੀਆਂ ਸਬ ਡਵੀਜ਼ਨਾਂ ਦੀ ਯੋਜਨਾ ਤਿਆਰ ਕਰਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਸਥਿਤੀ ਦੌਰਾਨ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਨਾਲ-ਨਾਲ ਉਨਾਂ ਨੂੰ ਤੁਰੰਤ ਰਾਹਤ ਦਿੱਤੀ ਜਾ ਸਕੇ।


ਉਨਾਂ ਇਹ ਵੀ ਕਿਹਾ ਕਿ ਸੰਭਾਵੀ ਹੜਾਂ ਦੌਰਾਨ ਆਮ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਲਈ ਹੁਣ ਤੋਂ ਹੀ ਦਰਿਆ ਕੰਢੇ ਵਾਲੇ ਇਲਾਕਿਆਂ ਤੇ ਪ੍ਰਭਾਵਿਤ  ਪਿੰਡਾਂ ਦੀ ਸੂਚੀ ਤਿਆਰ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ  ਲਈ ਥਾਵਾਂ ਦੀ ਪਛਾਣ ਕਰ ਲਈ ਜਾਵੇ। ਉਨਾਂ ਕਿਹਾ ਕਿ ਬਰਸਾਤਾਂ ਦੌਰਾਨ ਸੰਚਾਰ ਵਿਵਸਥਾ ਨੂੰ ਚੁਸਤ-ਦਰੁਸਤ ਰੱਖਣ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਡਰੇਨੇਜ ਵਿਭਾਗ ਨਾਜ਼ੁਕ ਥਾਵਾਂ ਦੀ ਮਜ਼ਬੂਤੀ ਦੇ ਨਾਲ-ਨਾਲ ਡਰੇਨਾਂ ਅਤੇ ਬਰਸਾਤੀ ਨਾਲਿਆਂ ਦੀ ਸਫਾਈ ਦੇ ਕੰਮ ਨੂੰ ਮਿੱਥੇ ਸਮੇਂ ਸਿਰ ਮੁਕੰਮਲ ਕਰੇ ਤੇ ਨਾਲ ਹੀ ਗਾਰ ਨੂੰ ਤੁਰੰਤ ਚੁੱਕਿਆ ਜਾਵੇ ਤਾਂ ਜੋ ਬਰਸਾਤ ਦੇ ਸੀਜ਼ਨ ਦੌਰਾਨ ਪਾਣੀ ਦੇ ਵਹਾਅ ਵਿਚ ਕੋਈ ਅੜਚਣ ਪੈਦਾ ਨਾ ਹੋਵੇ।
ਉਨਾਂ ਪੁਸ਼ੂ ਪਾਲਣ ਵਿਭਾਗ ਨੂੰ ਪਸ਼ੂਆਂ  ਦੇ ਚਾਰੇ ਅਤੇ ਦਵਾਈਆਂ ਲਈ ਪ੍ਰਬੰਧ ਕਰਨ, ਪਾਵਰਕਾਮ ਨੂੰ ਰਾਹਤ ਕੈਪਾਂ ਵਿਚ ਬਿਜਲੀ ਸਪਲਾਈ  ਯਕੀਨੀ ਬਣਾਉਣ, ਸਿਵਲ ਸਪਲਾਈ ਵਿਭਾਗ  ਨੂੰ ਹੜਾਂ ਤੋ ਪ੍ਰਭਾਵਿਤ ਲੋਕਾਂ ਦੀ ਜਰੂਰਤ ਲਈ ਲੋੜ ਅਨੁਸਾਰ  ਕੈਰੋਸੀਨ, ਡੀਜ਼ਲ, ਪੈਟਰੋਲ, ਤਰਪਾਲਾਂ, ਰਾਸ਼ਨ ਅਤੇ ਹੋਰ ਖਾਣ-ਪੀਣ ਦੀਆ ਵਸਤੂਆਂ, ਸਿਹਤ ਵਿਭਾਗ ਵੱਲੋ ਹੜ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕੈਪਾਂ ਲਈ ਦਵਾਈਆਂ ਅਤੇ ਮੈਡੀਕਲ ਟੀਮਾਂ  ਦਾ ਢੁਕਵਾਂ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਇਲਾਵਾ ਉਨਾਂ ਕਿਸ਼ਤੀਆਂ, ਤੈਰਾਕਾਂ, ਗੋਤੇਖੋਰਾਂ, ਚੱਪੂ, ਲਾਈਫ ਜੈਕਟਾਂ, ਬੋਰੇ, ਰੱਸੀਆਂ ਆਦਿ ਦਾ ਪ੍ਰਬੰਧ ਕਰਨ ਦੇ ਵੀ ਨਿਰਦੇਸ਼ ਦਿੱਤੇ। ਹੜਾਂ ਸਮੇ ਲੋੜੀਂਦਾ ਸਾਜ਼ੋ-ਸਾਮਾਨ, ਜੋ ਕਿ ਜ਼ਿਲਾ ਮੁੱਖ ਦਫਤਰ ਵਿਖੇ ਉਪਲਬਧ ਹੈ, ਸਬੰਧੀ ਸਮੂਹ ਸਬੰਧਿਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ  ਉਹ ਇਸ ਨੂੰ ਚੈੱਕ ਕਰਕੇ ਇਸ ਦੇ ਠੀਕ ਚਾਲੂ ਹਾਲਤ ਵਿਚ ਹੋਣ ਦਾ ਸਰਟੀਫਿਕੇਟ ਦੇਣ ਤਾਂ ਜੋ ਲੋੜ ਸਮੇ ਕੋਈ ਮੁਸ਼ਕਲ ਪੇੋਸ਼ ਨਾ ਆਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

No comments