ब्रेकिंग न्यूज़

ਦਿਵਯਾਂਗ ਲੋਕਾਂ ਲਈ ਸਹੂਲਤ ...... ਡੀਆਈਡੀ ਪ੍ਰੋਜੈਕਟ ਤਹਿਤ ਲਗਾਏ ਜਾ ਰਹੇ ਹਨ ਸਪੈਸ਼ਲ ਕੈਂਪ

- ਦਿਵਿਯਾਂਗ ਵਿਅਕਤੀਆਂ ਨੂੰ ਜਾਰੀ ਕੀਤੇ ਜਾ ਰਹੇ ਹਨ ਯੂਨੀਕ ਕਾਰਡ

ਖ਼ਬਰਨਾਮਾ ਇੰਡੀਆ (ਗਗਨਦੀਪ),  ਕਪੂਰਥਲਾ 

ਦਿਵਿਯਾਂਗ ਵਿਅਕਤੀਆਂ ਨੂੰ ਯੂਨੀਕ ਆਈ.ਡੀ ਕਾਰਡ ਜਾਰੀ ਕਰਨ ਲਈ ਜਿਲੇ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਅਤੇ ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਕਮ ਨੋਡਲ ਅਫਸਰ ਯੂ.ਡੀ.ਆਈ.ਡੀ. ਪ੍ਰੋਜੈਕਟ ਡਾ. ਰਮੇਸ਼ ਕੁਮਾਰੀ ਬੰਗਾਂ ਨੇ ਦੱਸਿਆ ਕਿ ਪਹਿਲਾਂ ਦਿਵਿਯਾਂਗ ਵਿਅਕਤੀਆਂ ਨੂੰ ਵਿਭਾਗ ਵੱਲੋਂ ਮੈਨੁਅਲ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਸਨ ਹੁਣ ਸਰਕਾਰ ਵੱਲੋਂ ਚਲਾਏ ਯੂ.ਡੀ.ਆਈ.ਡੀ. ਪ੍ਰੋਜੈਕਟ ਦੇ ਤਹਿਤ ਉਨ੍ਹਾਂ ਨੂੰ ਵਿਸ਼ੇਸ਼ ਆਈ.ਡੀ.ਕਾਰਡ ਜਾਰੀ ਕੀਤਾ ਜਾ ਰਿਹਾ ਹੈ ਜਿਸ ਨੂੰ ਕਿਸੇ ਵੀ ਥਾਂ ਤੇ ਆਨਲਾਈਨ ਅਸੈਸ ਕੀਤਾ ਜਾ ਸਕੇਗਾ। 

ਉਨ੍ਹਾਂ ਦੱਸਿਆ ਕਿ ਯੂ.ਡੀ.ਆਈ.ਡੀ. ਕਾਰਡ ਜਾਰੀ ਹੋਣ ਨਾਲ ਦਿਵਿਯਾਂਗ ਵਿਅਕਤੀਆਂ ਨੂੰ ਮੈਡੀਕਲ ਸਰਟੀਫਿਕੇਟ ਬਣਵਾਉਣ ਲਈ ਵਾਰ ਵਾਰ ਹਸਪਤਾਲਾਂ ਵਿਚ ਨਹੀਂ ਆਉਣਾ ਪਏਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਅੰਗਹੀਣ ਵਿਅਕਤੀਆਂ ਦੇ ਯੂਨੀਕ ਕਾਰਡ ਬਣਾਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ ਤੇ ਉਹ ਖੁਦ ਨੂੰ ਸੇਵਾ ਕੇਂਦਰਾਂ ਤੇ ਸਿਵਲ ਹਸਪਤਾਲ ਵਿਚ ਐਨਰੋਲ ਕਰਵਾ ਸਕਦੇ ਹਨ। 

ਉਨ੍ਹਾਂ ਦੱਸਿਆ ਕਿ ਇਹ ਕਾਰਡ ਬਣਵਾਉਣ ਲਈ ਆਧਾਰ ਕਾਰਡ, ਵੋਟਰ ਕਾਰਡ, ਉਮਰ ਦਾ ਪਰੂਫ ਤੇ ਪਾਸਪੋਰਟ ਸਾਈਜ ਫੋਟੋਆਂ ਨਾਲ ਲੈ ਕੇ ਆਉਣਾ ਜਰੂਰੀ ਹੈ। ਜਿਲੇ ਵਿਚ ਵੱਖ ਵੱਖ ਥਾਵਾਂ ਤੇ ਇਨ੍ਹਾਂ ਕੈਂਪਾਂ ਨੂੰ ਲਗਾਉਣ ਦਾ ਉਦੇਸ਼ ਦਿਵਿਯਾਂਗ ਵਿਅਕਤੀਆਂ ਨੂੰ ਉਨ੍ਹਾਂ ਦੇ ਨਜਦੀਕੀ ਜਗ੍ਹਾਂ ਤੇ ਹੀ ਕਾਰਡ ਬਣਵਾਉਣ ਦੀ ਸਹੂਲਤ ਦੇਣਾ ਹੈ ਜਿੱਥੇ ਕਿ ਵੱਖ ਵੱਖ ਬੀਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਚੈਕਅਪ ਕਰ ਕੇ ਅੰਗਹੀਣ ਵਿਅਕਤੀਆਂ ਨੂੰ ਉਨ੍ਹਾਂ ਦੀ ਡਿਸਐਬੀਲਿਟੀ ਦੇ ਹਿਸਾਬ ਨਾਲ ਕਾਰਡ ਜਾਰੀ ਕੀਤੇ ਜਾਂਦੇ ਹਨ। 

ਡਾ. ਰਮੇਸ਼ ਕੁਮਾਰੀ ਬੰਗਾਂ ਨੇ ਦੱਸਿਆ ਕਿ ਯੂ.ਡੀ.ਆਈ.ਡੀ. ਪ੍ਰੋਜੈਕਟ ਦਾ ਉਦੇਸ਼ ਡਿਸਐਬੀਲਿਟੀ ਸਰਟੀਫਿਕੇਟ ਜਾਰੀ ਕਰਨ ਦੇ ਕੰਮ ਵਿਚ ਪਾਰਦਰਸ਼ਿਤਾ ਤੇ ਇਕਸਾਰਤਾ ਲੈ ਕੇ ਆਉਣਾ ਹੈ।ਜਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜਿਲਾ ਹਸਪਤਾਲ, ਸਬ ਡਵੀਜਨਲ ਹਸਪਤਾਲ, ਸੀ.ਐਚ.ਸੀ ਤੇ ਪੀ.ਐਚ.ਸੀ ਪੱਧਰ ਤੇ ਇਹ ਕੈਂਪ ਲਗਾਏ ਜਾ ਰਹੇ ਹਨ। 

No comments