-ਡਿਪਟੀ ਕਮਿਸ਼ਨਰ ਨੇ ਪੁਨਰ ਸੁਰਜੀਤੀ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ
ਖ਼ਬਰਨਾਮਾ ਇੰਡੀਆ। ਕਪੂਰਥਲਾ
ਕਾਂਜਲੀ ਵੈੱਟਲੈਂਡ ਨੂੰ ਮੁੜ ਉੱਚ ਪੱਧਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦਾ
ਕਪੂਰਥਲਾ ਵਾਸੀਆਂ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਅਤੇ ਇਸ ਨੂੰ ਜਲਦ ਹੀ ਲੋਕ ਅਰਪਿਤ
ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਅੱਜ
ਕਾਂਜਲੀ ਵੈੱਟਲੈਂਡ ਦੀ ਪੁਨਰ ਸੁਰਜੀਤੀ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਮੌਕੇ ਕੀਤਾ।

ਉਨਾਂ ਦੱਸਿਆ ਕਿ ਕਿਸੇ ਸਮੇਂ ਕਪੂਰਥਲਾ ਦੀ ਸ਼ਾਨ ਰਹੀ ਕਾਂਜਲੀ ਵੈੱਟਲੈਂਡ ਦੀ ਮੁੜ ਪਹਿਲਾਂ
ਵਾਲੀ ਦਿੱਖ ਬਹਾਲ ਕਰਨ ਲਈ ਕੰਮ ਨੂੰ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ
ਲਾਕਡਾੳੂਨ ਕਾਰਨ ਇਸ ਕੰਮ ਵਿਚ ਜਿਹੜੀ ਖੜੋਤ ਆਈ ਸੀ, ਉਸ ਨੂੰ ਹੁਣ ਤੇਜ਼ੀ ਨਾਲ ਕੀਤਾ ਜਾ
ਰਿਹਾ ਹੈ। ਇਸ ਦੌਰਾਨ ਉਨਾਂ ਸੈਰਗਾਹ ਦੇ ਰੈਸਟੋਰੈਂਟ, ਹਾਲ, ਕਿਚਨ, ਸਟੋਨ ਪਿਚਿੰਗ ਅਤੇ
ਉਸਾਰੀ ਦੇ ਹੋਰਨਾਂ ਕੰਮਾਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨਾਂ ਅਧਿਕਾਰੀਆਂ ਨੂੰ
ਪਾਰਕਿੰਗ ਸਥਾਨ ਲਈ ਪੂਰੀ ਖਾਕਾ ਤਿਆਰ ਕਰਨ ਤੋਂ ਇਲਾਵਾ ਹੋਰਨਾਂ ਕੰਮਾਂ ਸਬੰਧੀ ਲੋੜੀਂਦੇ
ਦਿਸ਼ਾ-ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਵਧੀਕ
ਡਿਪਟੀ ਕਮਿਸ਼ਨਰ (ਵਿਕਾਸ) ਐਸ. ਪੀ. ਆਂਗਰਾ, ਡੀ. ਪੀ. ਪੀ. ਓ ਹਰਜਿੰਦਰ ਸਿੰਘ
ਸੰਧੂ, ਬੀ. ਡੀ. ਪੀ. ਓ ਕਪੂਰਥਲਾ ਅਮਰਜੀਤ ਸਿੰਘ, ਜਲ ਸਰੋਤ ਵਿਭਾਗ ਦੇ ਐਕਸੀਅਨ
ਦਵਿੰਦਰ ਸਿੰਘ, ਐਕਸੀਅਨ ਪੀ. ਡਬਲਿੳੂ. ਡੀ ਸਰਬਰਾਜ ਕੁਮਾਰ, ਐਕਸੀਅਨ ਜਲ ਸਪਲਾਈ ਤੇ
ਸੈਨੀਟੇਸ਼ਨ ਸੁਖਪਿੰਦਰ ਸਿੰਘ, ਐਕਸੀਅਨ ਬਾਗਬਾਨੀ ਜਰਨੈਲ ਸਿੰਘ, ਵਿਸ਼ਾਲ
ਸੋਨੀ, ਐਸ. ਡੀ. ਓ ਧਰਮਿੰਦਰ ਸਿੰਘ, ਗੁਰਜਿੰਦਰ ਜੀਤ ਸਿੰਘ, ਦਵਿੰਦਰ ਪਾਲ
ਸਿੰਘ ਆਹੂਜਾ ਅਤੇ ਹੋਰ ਹਾਜ਼ਰ ਸਨ।
No comments