ਸਰਕਾਰੀ ਮਿਡਲ ਸਕੂਲ ਹੁਸੈਨਪੁਰ RCF ਦੇ ਬੱਚਿਆਂ ਦੀ ਸ਼ਾਨਦਾਰ ਕਾਮਯਾਬੀ ...
- ਆਪਣੇ-ਆਪਣੇ ਭਾਰ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਟੀਮ ਲਈ ਚੋਣ ਪ੍ਰਾਪਤ
ਖ਼ਬਰਨਾਮਾ ਇੰਡੀਆ ਬਿਓਰੋ। ਕਪੂਰਥਲਾ
ਸਰਕਾਰੀ ਮਿਡਲ ਸਕੂਲ ਹੁਸੈਨਪੁਰ RCF ਦੇ ਵਿਦਿਆਰਥੀਆਂ ਨੇ 69ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਸੈਸ਼ਨ 2025-26) ਵਿੱਚ ਆਪਣੀ ਕਾਬਲਿਯਤ ਸਾਬਤ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਕੂਲ ਦੀਆਂ ਕੁੜੀਆਂ ਨੇ ਕਰਾਟੇ ਖੇਡ ਵਿੱਚ ਭਾਗ ਲੈ ਕੇ ਨਾ ਸਿਰਫ਼ ਆਪਣੀ ਮੇਹਨਤ ਦਾ ਫਲ ਹਾਸਲ ਕੀਤਾ, ਬਲਕਿ ਸਕੂਲ ਅਤੇ ਪੂਰੇ ਖੇਤਰ ਦਾ ਨਾਮ ਵੀ ਰੋਸ਼ਨ ਕੀਤਾ ਹੈ।
ਇਸ ਵਾਰ ਕਰਾਟੇ ਟ੍ਰਾਇਲਾਂ ਵਿੱਚ ਸਕੂਲ ਦੀਆਂ ਚਾਰ ਕੁੜੀਆਂ, (ਚਾਂਦਨੀ ਮੰਡਲ, ਮੀਰਾ, ਚੰਦਾ ਅਤੇ ਕਰਿਸ਼ਮਾ) ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਆਪਣੀ ਲਗਨ, ਦ੍ਰਿੜਤਾ ਅਤੇ ਮਹਿਨਤ ਨਾਲ ਇਨ੍ਹਾਂ ਵਿੱਚੋਂ ਤਿੰਨ ਖਿਡਾਰਣਾਂ (ਚੰਦਾ ਭਾਰ ਵਰਗ -44 ਕਿਲੋ ਅੰਡਰ -17, ਮੀਰਾ ਭਾਰ ਵਰਗ -38 ਕਿਲੋ ਅੰਡਰ -17 ਅਤੇ ਕਰਿਸ਼ਮਾ ਭਾਰ ਵਰਗ -36 ਕਿਲੋ ਅੰਡਰ -14,) ਆਪਣੇ-ਆਪਣੇ ਭਾਰ ਵਰਗਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਟੇਟ ਟੀਮ ਲਈ ਚੋਣ ਪ੍ਰਾਪਤ ਕੀਤੀ। ਇਹ ਉਪਲਬਧੀ ਬੱਚਿਆਂ ਦੀ ਸਮਰਪਣ ਭਾਵਨਾ ਅਤੇ ਨਿਰੰਤਰ ਅਭਿਆਸ ਦਾ ਸਾਫ਼-ਸੁਥਰਾ ਪ੍ਰਤੀਕ ਹੈ।
ਇਹ ਟ੍ਰਾਇਲ ਆਰਮੀ ਪਬਲਿਕ ਸਕੂਲ, ਬਿਆਸ ਵਿੱਚ ਆਯੋਜਿਤ ਹੋਏ। ਇਨ੍ਹਾਂ ਟ੍ਰਾਇਲਾਂ ਦੌਰਾਨ ਬੱਚਿਆਂ ਨੇ ਆਪਣੀ ਹਿੰਮਤ, ਅਨੁਸ਼ਾਸਨ ਅਤੇ ਤਕਨੀਕੀ ਦੱਖਲਤਾ ਨਾਲ ਹਰੇਕ ਨੂੰ ਪ੍ਰਭਾਵਿਤ ਕੀਤਾ। ਸਕੂਲ ਮੁਖੀ ਸ਼੍ਰੀਮਤੀ ਰਮਨਪ੍ਰੀਤ ਕੌਰ ਨੇ ਸਟੇਟ ਲਈ ਚੁਣੇ ਗਏ ਬੱਚਿਆਂ ਦਾ ਖ਼ਾਸ ਤੌਰ ‘ਤੇ ਤਹਿ-ਦਿਲੋਂ ਸਵਾਗਤ ਕੀਤਾ ਅਤੇ ਕਿਹਾ ਕਿ ਬੱਚਿਆਂ ਦੀ ਇਹ ਜਿੱਦ ਅਤੇ ਉੱਚੇ ਸੁਪਨੇ ਸਕੂਲ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸਫਲਤਾ ਨਾ ਸਿਰਫ਼ ਵਿਦਿਆਰਥੀਆਂ ਦੀ ਹੈ, ਸਗੋਂ ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਵੀ ਹੈ ਜਿਨ੍ਹਾਂ ਨੇ ਹਮੇਸ਼ਾਂ ਬੱਚਿਆਂ ਨੂੰ ਮੋਟਿਵੇਟ ਕੀਤਾ।
ਇਸ ਮੌਕੇ ਸਕੂਲ ਦੀ ਕਰਾਟੇ ਕੋਚ ਸਨਸੇ ਨੈਨਾ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਨਸੇ ਨੈਨਾ ਨੇ ਆਪਣੀ ਲਗਨ, ਸਖ਼ਤ ਟ੍ਰੇਨਿੰਗ ਅਤੇ ਸਿਖਲਾਈ ਨਾਲ ਬੱਚਿਆਂ ਨੂੰ ਉਸ ਮੰਜ਼ਿਲ ਤੱਕ ਪਹੁੰਚਾਇਆ ਜਿਸ ਨਾਲ ਉਹਨਾਂ ਨੇ ਸਟੇਟ ਪੱਧਰ ‘ਤੇ ਜਗ੍ਹਾ ਬਣਾਈ। ਕੋਚ ਨੇ ਵੀ ਚੁਣੇ ਗਏ ਖਿਡਾਰੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਹ ਬੱਚੇ ਭਵਿੱਖ ਵਿੱਚ ਹੋਰ ਵੱਡੇ ਪੱਧਰ ‘ਤੇ ਸਕੂਲ ਅਤੇ ਖੇਤਰ ਦਾ ਨਾਮ ਰੋਸ਼ਨ ਕਰਨਗੇ। ਸਨਸੇ ਨੈਨਾ ਨੇ ਵਿਦਿਆਰਥੀਆਂ ਦੇ ਚਮਕਦਾਰ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ।
ਸਕੂਲ ਦੇ ਅਧਿਆਪਕਾਂ ਨੇ ਵੀ ਇਸ ਸਫਲਤਾ ਨੂੰ ਖੁਸ਼ੀ ਨਾਲ ਮਨਾਇਆ ਅਤੇ ਕਿਹਾ ਕਿ ਇਹ ਕਾਮਯਾਬੀ ਨਾ ਸਿਰਫ਼ ਬੱਚਿਆਂ ਦੀ ਮਹਿਨਤ ਦਾ ਨਤੀਜਾ ਹੈ, ਸਗੋਂ ਸਕੂਲ ਦੇ ਸਮੂਹ ਸਟਾਫ਼ ਦੀ ਇਕੱਠੀ ਕੋਸ਼ਿਸ਼ ਦਾ ਵੀ ਪ੍ਰਤੀਕ ਹੈ। ਇਸ ਪ੍ਰਾਪਤੀ ਨਾਲ ਨਾ ਕੇਵਲ ਸਕੂਲ ਬਲਕਿ ਪੂਰੇ ਇਲਾਕੇ ਦਾ ਮਾਣ ਵੱਧਿਆ ਹੈ .






















No comments