ਲਾਇਬ੍ਰੇਰੀ ਲੰਗਰ ....... ਵਿਦਿਆਰਥੀਆਂ ਦੇ ਘਰ - ਘਰ ਜਾ ਕੇ ਵੰਡੀਆਂ ਕਿਤਾਬਾਂ .....
- ਹਰ ਬੱਚੇ ਦੇ ਹੱਥ ਵਿੱਚ ਕਿਤਾਬ ਪਹੁੰਚਾਉਣ ਦੇ ਉਦੇਸ਼ ਨਾਲ਼ ਵਿਭਾਗ ਵੱਲੋਂ 8 ਜੁਲਾਈ ਤੋਂ ਸ਼ੁਰੂ ਕੀਤੀ ਲਾਇਬ੍ਰੇਰੀ ਲੰਗਰ ਦੀ ਮੁਹਿੰਮ
- ਸਾਹਿਤਕ ਪੁਸਤਕਾਂ ਪੜ੍ਹਨੀਆਂ ਕੇਵਲ ਬੱਚਿਆਂ, ਅਧਿਆਪਕਾਂ ਲਈ ਹੀ ਨਹੀਂ ਸਗੋਂ ਹਰ ਮਨੁੱਖ ਲਈ ਜ਼ਰੂਰੀ
ਖ਼ਬਰਨਾਮਾ ਇੰਡੀਆ ਬਬਲੂ। ਕਪੂਰਥਲਾ
ਸਰਕਾਰੀ ਮਿਡਲ ਸਕੂਲ, ਖੇੜਾ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਲਾਇਬ੍ਰੇਰੀ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਸਮੂਹ ਅਧਿਆਪਕ ਸਹਿਬਾਨ ਵੱਲੋਂ ਸਕੂਲ ਵਿੱਚ ਪੁਸਤਕਾਂ ਦਾ ਸਟਾਲ ਲਗਾਇਆ ਗਿਆ ਅਤੇ ਵਿਦਿਆਰਥੀਆਂ ਦੇ ਘਰ ਜਾ ਕੇ ਉਹਨਾਂ ਨੂੰ ਕਿਤਾਬਾਂ ਵੰਡੀਆਂ ਗਈਆਂ। ਸਮੂਹ ਜਮਾਤ ਇੰਚਾਰਜਾਂ ਮਾਸਟਰ ਕੁਲਦੀਪ ਰਾਮ, ਸਵਰਨ ਕੌਰ ਜੀ, ਕਮਲੇਸ਼ ਕੁਮਾਰੀ, ਕਿਰਨਜੀਤ ਕੌਰ ਅਤੇ ਲਖਵਿੰਦਰ ਪ੍ਰੀਤ ਕੌਰ ਵੱਲੋਂ ਆਪਣੀ ਜਮਾਤ ਦੇ ਬੱਚਿਆਂ ਨੂੰ ਲਾਇਬ੍ਰੇਰੀ ਪੁਸਤਕਾਂ ਜਾਰੀ ਕੀਤੀਆਂ। ਲਾਇਬ੍ਰੇਰੀ ਲੰਗਰ ਮੌਕੇ ਲਾਇਬ੍ਰੇਰੀ ਇੰਚਾਰਜ ਮੈਡਮ ਕਮਲੇਸ਼ ਕੁਮਾਰੀ ਨੇ ਸਮੂਹ ਅਧਿਆਪਕ ਸਹਿਬਾਨ ਨੂੰ ਵੀ ਕਿਤਾਬਾਂ ਜਾਰੀ ਕੀਤੀਆਂ, ਤਾਂ ਕਿ ਅਧਿਆਪਕਾਂ ਵੱਲ ਦੇਖ ਕੇ ਬੱਚਿਆਂ ਨੂੰ ਵੀ ਸਾਹਿਤ ਪੜ੍ਹਨ ਦੀ ਚੇਟਕ ਲੱਗੇ।
ਇਸ ਮੌਕੇ ਸਕੂਲ ਇੰਚਾਰਜ ਸਤਵੀਰ ਕੌਰ ਨੇ ਦੱਸਿਆ ਕਿ ਸਰਕਾਰ ਨੇ ਬੀਤੇ ਵਿੱਦਿਅਕ ਵਰ੍ਹੇ ਦੌਰਾਨ ਵੀਹ ਹਜ਼ਾਰ ਰੁਪਏ ਦੀ ਰਾਸ਼ੀ ਲਾਇਬ੍ਰੇਰੀ ਪੁਸਤਕਾਂ ਖਰੀਦਣ ਵਾਸਤੇ ਜਾਰੀ ਕੀਤੀ ਸੀ। ਜਿਸ ਨਾਲ਼ ਬੱਚਿਆਂ ਦੇ ਪੱਧਰ, ਜ਼ਰੂਰਤ ਅਤੇ ਰੁਚੀ ਅਨੁਸਾਰ ਲਾਇਬ੍ਰੇਰੀ ਕਿਤਾਬਾਂ ਖਰੀਦੀਆਂ ਗਈਆਂ ਸਨ। ਕਰੋਨਾ - ਕਾਲ ਕਾਰਨ ਇਹ ਪੁਸਤਕਾਂ ਸਭ ਬੱਚਿਆਂ ਤੱਕ ਨਹੀਂ ਪਹੁੰਚ ਰਹੀਆਂ ਸਨ। ਹਰ ਬੱਚੇ ਦੇ ਹੱਥ ਵਿੱਚ ਕਿਤਾਬ ਪਹੁੰਚਾਉਣ ਦੇ ਉਦੇਸ਼ ਨਾਲ਼ ਵਿਭਾਗ ਵੱਲੋਂ ਲਾਇਬ੍ਰੇਰੀ ਲੰਗਰ ਦੀ ਮੁਹਿੰਮ 8 ਜੁਲਾਈ ਤੋਂ ਜ਼ਿਲ੍ਹਾ ਕਪੂਰਥਲਾ ਤੋਂ ਅਰੰਭ ਕੀਤੀ ਗਈ ਹੈ। ਬੀ ਐੱਮ ਪੰਜਾਬੀ ਕਮਲੇਸ਼ ਕੁਮਾਰੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੇੜਾ ਸਕੂਲ ਦੇ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ਼ ਵਿਭਾਗ ਵੱਲੋਂ ਉਲੀਕੀ ਇਸ ਮੁਹਿੰਮ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਹੈ। ਸਾਹਿਤਕ ਪੁਸਤਕਾਂ ਪੜ੍ਹਨੀਆਂ ਕੇਵਲ ਬੱਚਿਆਂ, ਅਧਿਆਪਕਾਂ ਲਈ ਹੀ ਨਹੀਂ ਸਗੋਂ ਹਰ ਮਨੁੱਖ ਲਈ ਜ਼ਰੂਰੀ ਹਨ। ਆਪ ਚੁੱਪ ਰਹਿਣ ਵਾਲੀਆਂ ਕਿਤਾਬਾਂ ਇਸਨੂੰ ਪੜ੍ਹਨ ਵਾਲੇ ਨੂੰ ਬੋਲਣਾ ਸਿਖਾਉਂਦੀਆਂ ਹਨ। ਮਨੁੱਖ ਨੂੰ ਉਸਦੇ ਹੱਕਾਂ ਅਤੇ ਫ਼ਰਜ਼ਾਂ ਪ੍ਰਤੀ ਚੇਤੰਨ ਰਹਿਣ ਦਾ ਸਬਕ ਪੜ੍ਹਾਉਂਦੀਆਂ ਹਨ।ਇਸ ਲਈ ਆਪਣੇ ਸਰਵਪੱਖੀ ਵਿਕਾਸ ਲਈ ਹਰ ਮਨੁੱਖ ਨੂੰ ਕਿਤਾਬਾਂ ਨਾਲ਼ ਸਾਂਝ ਪਾਉਣੀ ਚਾਹੀਦੀ ਹੈ। ਉਹਨਾਂ ਮਾਸਟਰ ਕੁਲਦੀਪ ਰਾਮ ਅਤੇ ਮੈਡਮ ਸਵਰਨ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਬਹੁਤ ਉਤਸ਼ਾਹ, ਜ਼ਿੰਮੇਵਾਰੀ, ਇਮਾਨਦਾਰੀ ਅਤੇ ਸਮਰਪਣ ਨਾਲ਼ ਹਰ ਬੱਚੇ ਤੱਕ ਲਾਇਬ੍ਰੇਰੀ ਪੁਸਤਕਾਂ ਪਹੁੰਚਾਈਆਂ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਮੈਡਮ ਸਤਵੀਰ ਕੌਰ, ਬਿੰਦਰ ਪਾਲ, ਸੁਰਜੀਤ ਕੌਰ, ਸਵਰਨ ਕੌਰ, ਲਖਵਿੰਦਰ ਪ੍ਰੀਤ ਕੌਰ, ਹਰਜੀਤ ਕੌਰ, ਕੁਲਦੀਪ ਰਾਮ, ਕਿਰਨਜੀਤ ਕੌਰ ਹਾਜ਼ਰ ਸਨ।











No comments